ਪਟਿਆਲਾ: 29 ਸਤੰਬਰ, 2014
ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਲਾਅਨ ਟੈਨਿਸ (ਪੁਰਸ਼) ਟੂਰਨਾਮੈਂਟ ਅੱਜ ਆਰੰਭ ਹੋਇਆ। ਇਸ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਖੇਡਾਂ ਸਾਡੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰਬੰਧ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਨੇ ਮੋਦੀ ਕਾਲਜ ਦੇ ਖਿਡਾਰੀਆਂ ਦੀ ਪ੍ਰਸੰਸਾ ਕਰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੂੰ ਮੌਲਾਨਾ ਅਬੁੁਲ ਕਲਾਮ ਆਜ਼ਾਦ ਟਰਾਫ਼ੀ ਦਿਵਾਉਣ ਵਿਚ ਇਸ ਕਾਲਜ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਇਸ ਕਾਲਜ ਦੇ ਪ੍ਰਬੰਧਕਾਂ ਦੀ ਵੀ ਤਾਰੀਫ਼ ਕੀਤੀ ਤੇ ਕਿਹਾ ਕਿ ਕਾਲਜ ਨੇ ਬਹੁਤ ਘੱਟ ਖੇਡ ਸਹੂਲਤਾਂ ਦੇ ਬਾਵਜੂਦ ਉਚੇਰੀਆਂ ਖੇਡ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਨੂੰ ਮਾਇਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਡਾ. ਸ਼ਰਮਾ ਨੇ ਉਚੇਰੀਆਂ ਵਿਦਿਅਕ ਸੰਸਥਾਵਾਂ ਵਿਚ ਖੇਡ ਸੱਭਿਆਚਾਰ ਪ੍ਰਫੁਲਿਤ ਕਰਨ ਵਿਚ ਪੰਜਾਬੀ ਯੂਨੀਵਰਸਿਟੀ ਵਲੋਂ ਵੱਧ ਤੋਂ ਵੱਧ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਾਲਜ ਦੇ ਖੇਡ ਆਫ਼ਸਰ ਨਿਸ਼ਾਨ ਸਿੰਘ ਦੀ ਸੁਹਿਰਦ ਮਿਹਨਤ ਤੇ ਸੁਯੋਗ ਅਗਵਾਈ ਦੀ ਪ੍ਰਸੰਸਾ ਕੀਤੀ।
ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਪੰਜਾਬ ਵਿਚ ਖੇਡਾਂ ਰਿਸ਼ੀਆਂ-ਮੁਨੀਆਂ ਅਤੇ ਗੁਰੂਆਂ ਦੇ ਸਮੇਂ ਤੋਂ ਹੀ ਚਲਦੀਆਂ ਆ ਰਹੀਆਂ ਹਨ, ਇਸੇ ਕਰਕੇ ਇਸ ਖੇਤਰ ਵਿਚ ਕੌਮੀ ਪੱਧਰ ਤੇ ਦਰੋਣਾਚਾਰੀਆ ਅਵਾਰਡ ਤੇ ਅਰਜੁਨਾ ਅਵਾਰਡ ਵਰਗੇ ਸਨਮਾਨ ਦਿੱਤੇ ਜਾਂਦੇ ਹਨ। ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢਣ ਲਈ ਖੇਡਾਂ ਨੂੰ ਉਤਸ਼ਾਹਤ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਮੋਦੀ ਕਾਲਜ ਦੇ ਖਿਡਾਰੀਆਂ ਨੇ ਪਿਛਲੇ ਸਾਲਾਂ ਦੌਰਾਨ ਮਹਾਰਾਜਾ ਯਾਦਵਿੰਦਰਾ ਸਿੰਘ ਟਰਾਫ਼ੀ (ਜਨਰਲ ਚੈਂਪੀਅਨਸ਼ਿਪ – ਪੁਰਸ਼) ਅਤੇ ਰਾਜ ਕੁਮਾਰੀ ਅੰਮ੍ਰਿਤ ਕੌਰ ਟਰਾਫ਼ੀ (ਜਨਰਲ ਚੈਂਪੀਅਨਸ਼ਿਪ – ਇਸਤਰੀਆਂ) ਜਿੱਤੀਆਂ ਹਨ। ਕਾਲਜ ਵਿਚ 14 ਖੇਡ ਵਿੰਗ ਸਫ਼ਲਤਾ ਪੂਰਵਕ ਚਲ ਰਹੇ ਹਨ ਤੇ ਪੰਜਾਬੀ ਯੂਨੀਵਰਸਿਟੀ ਨੂੰ ਮਾਕਾ ਟਰਾਫ਼ੀ ਦਿਵਾਉਣ ਵਿਚ ਦੂਜਾ ਵੱਡਾ ਯੋਗਦਾਨ ਮੋਦੀ ਕਾਲਜ ਦੇ ਖਿਡਾਰੀਆਂ ਦਾ ਹੈ। ਇਸ ਵਰ੍ਹੇ ਦੌਰਾਨ ਹੁਣ ਤੱਕ ਇਹ ਖਿਡਾਰੀ ਪੰਜ ਅੰਤਰ ਕਾਲਜ ਚੈਂਪੀਅਨਸ਼ਿਪਸ ਜਿੱਤ ਚੁੱਕੇ ਹਨ।
ਇਸ ਅਵਸਰ ਤੇ ਦਰੋਣਾਚਾਰੀਆ ਅਵਾਰਡੀ ਸ੍ਰੀ ਏ.ਕੇ. ਬਾਂਸਲ, ਮੁੱਖ ਕੋਚ (ਹਾਕੀ), ਐਨ.ਆਈ.ਐਸ. ਪਟਿਆਲਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਇਨ੍ਹਾਂ ਦੇ ਨਾਲ ਹੀ ਐਨ.ਆਈ.ਐਸ., ਪਟਿਆਲਾ ਤੋਂ ਬਾਕਸਿੰਗ ਕੋਚ ਸ੍ਰੀ ਪ੍ਰੇਮ ਸ਼ਰਮਾ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਯੂਨੀਵਰਸਿਟੀ ਕਾਲਜ, ਘੁੱਦਾ (ਬਠਿੰਡਾ) ਅਤੇ ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ ਦਰਮਿਆਨ ਖੇਡਿਆ ਗਿਆ। ਜਿਸ ਵਿਚ ਪੰਜਾਬੀ ਯੂਨੀਵਰਸਿਟੀ ਕੈਂਪਸ ਦੀ ਟੀਮ ਜੇਤੂ ਰਹੀ। ਇਸ ਉਦਘਾਟਨੀ ਸਮਾਰੋਹ ਦਾ ਮੰਚ ਸੰਚਾਲਨ ਕਾਲਜ ਦੇ ਰਜਿਸਟਰਾਰ ਡਾ. ਹਰਚਰਨ ਸਿੰਘ ਨੇ ਬਾਖੂਬੀ ਨਿਭਾਇਆ। ਕਾਲਜ ਦੀ ਖੇਡ ਕਮੇਟੀ ਦੇ ਚੇਅਰਮੈਨ ਡਾ. ਗੁਰਦੀਪ ਸਿੰਘ ਨੇ ਆਏ ਮਹਿਮਾਨਾਂ, ਅਧਿਆਪਕਾਂ ਅਤੇ ਮੀਡੀਆ ਪ੍ਰਤਿਨਿਧਾਂ ਦਾ ਧੰਨਵਾਦ ਕੀਤਾ।
ਪ੍ਰਿੰਸੀਪਲ